Amrik Khabra
ਉਹਨਾਂ ਪੁੱਛਿਆ ਤੇਰੀ ਭਾਸ਼ਾ ਕਿਹੜੀ ?
ਮੈਂ ਕਿਹਾ ਤੁਸੀਂ ਆਪਣੀ ਭਾਸ਼ਾ ਦੱਸੋ
ਆਪਾਂ ਉਸੇ ਭਾਸ਼ਾ ਵਿੱਚ ਗਲਬਾਤ ਕਰਦੇ ਹਾਂ
ਜੇ ਤੁਹਾਡੀ ਗੱਲ ਮੇਰੀ ਸਮਝ ਆ ਜਾਵੇ
ਤੇ ਮੇਰੀ ਗੱਲ ਤੁਹਾਡੀ ਸਮਝ ਆ ਜਾਵੇ
ਫਿਰ ਸਾਡੀ ਭਾਸ਼ਾ ਇੱਕ ਹੀ ਹੈ।
ਫਿਰ ਉਹਨਾਂ ਪੁੱਛਿਆ ਕਿ ਤੇਰਾ ਧਰਮ ਕੀ ਹੈ ?
ਮੈਂ ਕਿਹਾ ਤੁਸੀਂ ਆਪਣਾ ਧਰਮ ਦੱਸੋ
ਆਪਾਂ ਉਸੇ ਬਾਰੇ ਵਿਚਾਰ ਕਰਦੇ ਹਾਂ
ਜੇ ਇੱਕ ਵਿਚਾਰਧਾਰਾ ਤੇ ਸਹਿਮਤੀ ਬਣ ਗਈ
ਫਿਰ ਆਪਣਾ ਧਰਮ ਵੀ ਇੱਕ ਹੀ ਹੈ
ਥੋੜੇ ਖਫਾ ਜਿਹੇ ਹੋ ਕੇ ਪੁੱਛਣ ਲੱਗੇ ਤੁਸੀਂ ਸਿੱਧਾ ਏਹੀ ਦੱਸੋ
ਤੁਸੀਂ ਪੰਜਾਬੀ ਹੋ , ਭਾਰਤੀ ਹੋ, ਅਲਬਰਟਨ ਹੋ ਜਾ ਕੈਨੇਡੀਅਨ ਹੋ ?
ਮੈਂ ਕਿਹਾ ਇੱਕ ਛੋਟੇ ਜਿਹੇ ਪਿੰਡ ਚ ਜੰਮਿਆ ਪਲਿਆ
ਉਹ ਪਿੰਡ ਭਾਰਤ ਦੇ ਨਕਸ਼ੇ ਦੀ ਸੀਮਾ ਦੇ ਵਿੱਚ ਹੀ ਹੈ
ਉਹ ਪਿੰਡ ਪੰਜਾਬ ਦੀ ਸੀਮਾ ਦੇ ਵੀ ਵਿੱਚ ਹੀ ਹੈ
ਤੇ ਹੁਣ ਮੈਂ ਐਡਮੰਟਨ ਵਿੱਚ ਰਹਿੰਦਾ ਹਾਂ
ਉਹ ਅਲਬਰਟਾ ਦੇ ਨਕਸ਼ੇ ਦੇ ਵੀ ਅੰਦਰ ਹੀ ਹੈ
ਤੇ ਉਹ ਕੈਨੇਡਾ ਦੇ ਨਕਸ਼ੇ ਦੇ ਵੀ ਅੰਦਰ ਹੀ ਹੈ
ਇਹ ਸਾਰੇ ਦੇ ਸਾਰੇ ਜਵਾਬ ਅਧੂਰੇ ਨਿਕਲੇ
ਇਹਨਾਂ ਸਾਰਿਆਂ ਵਿੱਚ ਮੈਂ ਸ਼ਬਦ ਦਾ ਇਸਤੇਮਾਲ ਬਹੁਤ ਜਰੂਰੀ ਸੀ
ਚਲੋ ਨਤੀਜੇ ਤੇ ਆਉਂਦੇ ਹਾਂ
ਮਿੱਟੀ ਹਾਂ , ਹਵਾ ਹਾਂ , ਅਗਨੀ ਹਾਂ , ਪਾਣੀ ਹਾਂ ਤੇ ਅਕਾਸ਼ ਹਾਂ
ਇਸ ਤੋਂ ਇਲਾਵਾ ਅਗਰ ਜ਼ਿੰਦਗੀ ਨਾਮ ਦੀ ਕੋਈ ਚੀਜ਼ ਹੁੰਦੀ ਹੈ
ਤਾਂ ਉਹ ਕੁਦਰਤ ਦੀ ਹਰ ਸ਼ੈਅ ਵਿੱਚ ਹੈ
ਇਹ ਮਹਿਸੂਸ ਉਦੋਂ ਹੀ ਹੁੰਦਾ
ਜਦੋਂ ਹਉਮੈ ਨਾਲ ਪਛਾਣ ਕਰਨ ਵਾਲੀ ਹਰ ਵਸਤੂ ਜਾ ਅਹੁਦਾ ਖੁਸ ਜਾਂਦਾ