Varinder's Friends

ਤੇਰੀਆਂ ਚਾਰ ਉਦਾਸੀਆਂ

ਤੇਰੀ ਫੋਟੋ ਚੋਂ ਮਿਟਾ ਆਏ ਹਾਂ

ਮਖਮਲੀ ਬਾਣੇ ਵਾਲੀ

ਸੋਭਾ ਸਿੰਘ ਦੀ ਬਣਾਈ ਤਸਵੀਰ ਸਜਾ ਆਏ ਹਾਂ

ਬਾਬਾ ਜੀ ਅਸੀਂ ਤੁਹਾਡਾ ਜਨਮ ਦਿਨ ਮਨਾ ਆਏ ਹਾਂ

ਹਲ ਤਾਂ ਸਾਥੋਂ ਵਾਹ ਨਹੀ ਹੋਇਆ

ਜਮੀਨ ਠੇਕੇ ਤੇ ਝੜਾ ਆਏ ਹਾਂ

ਖੇਤੀ ਵਿੱਚੋ ਹੁਣ ਕੁੱਝ ਨਹੀ ਬਚਦਾ

ਪਰ ਠੇਕਾ ਹੋਰ ਵਧਾ ਆਏ ਹਾਂ

ਬਾਬਾ ਜੀ ਅਸੀਂ ਤੁਹਾਡਾ ਜਨਮ ਦਿਨ ਮਨਾ ਆਏ ਹਾਂ

ਕੜਿਆ ਵਾਲੀ ਕਾਰ ਲਈ ਸੀ

ਸੁਕਰਾਨੇ ਵਜੋਂ ਪੱਖਾ ਦਾਨ ਕਰਾ ਆਏ ਹਾਂ

ਲੋਕਾ ਨੂੰ ਵੀ ਥੋੜਾ ਪਤਾ ਤਾਂ ਲੱਗੇ

ਉਪਰ ਨਾਮ ਲਿਖਵਾ ਆਏ ਹਾਂ

ਬਾਬਾ ਜੀ ਅਸੀਂ ਤੁਹਾਡਾ ਜਨਮ ਦਿਨ ਮਨਾ ਆਏ ਹਾਂ

ਜਾਤਾਂ ਪਾਤਾਂ ਨੂੰ ਭਾਂਵੇ ਤੂੰ ਨਹੀ ਸੀ ਮੰਨਦਾ

ਪਰ ਅਸੀ ਤਾਂ ਵੰਡੀਆਂ ਪਾ ਆਏ ਹਾਂ

ਜੱਟਾਂ ਦਾ, ਰਾਮਗੜ੍ਹੀਆ ਦਾ, ਵਿਹੜੇ ਵਾਲਿਆ ਦਾ

ਵੱਖਰਾ ਗੁਰਦੁਆਰਾ ਬਣਾ ਆਏ ਹਾਂ

ਬਾਬਾ ਜੀ ਅਸੀਂ ਤੁਹਾਡਾ ਜਨਮ ਦਿਨ ਮਨਾ ਆਏ ਹਾਂ

ਸੱਚਾ ਸੌਦਾ ਤਾਂ ਨਹੀ ਸਾਥੋਂ ਹੋਇਆ

ਪਰ ਡੇਰਾ ਇੱਕ ਬਣਾ ਆਏ ਹਾਂ

ਨਾਨਕ ਸਵੀਟਸ, ਨਾਨਕ ਕਲਾਥ ਹਾਉਸ

ਤੇਰੇ ਨਾਂ ਤੇ ਬਿਜਨਸ ਚਲਾ ਆਏ ਹਾਂ

ਬਾਬਾ ਜੀ ਅਸੀਂ ਤੁਹਾਡਾ ਜਨਮ ਦਿਨ ਮਨਾ ਆਏ ਹਾਂ

ਭਾਂਵੇ ਇਕ ਨ੍ਹੀ ਮੰਨੀ ਗੱਲ ਤੇਰੀ,

ਤੁਹਾਡੀ ਫੋਟੋ ਨੂੰ ਤਾਂ ਸਿਰ ਝੁਕਾਅ  ਆਏ ਹਾਂ

ਠੱਗੀ ਦਾ ਭਾਵੇ ਚੋਰੀ ਦਾ,

ਅਸੀਂ ਆਪਣਾ ਦਸਵੰਧ ਕਢਵਾ ਆਏ ਹਾਂ

ਬਾਬਾ ਜੀ ਅਸੀਂ ਤੁਹਾਡਾ ਜਨਮ ਦਿਨ ਮਨਾ ਆਏ ਹਾਂ

ਜਿਹੜੇ ਅੰਧਵਿਸ਼ਵਾਸ ਵਿੱਚੋ ਤੂੰ ਸੀ ਕੱਢਿਆ,

ਅਸੀਂ ਓਸੇ ਵਿੱਚ ਲੋਕਾਂ ਨੂੰ ਪਾ ਆਏ ਹਾਂ

ਤੁਹਾਡੇ ਦਿੱਤੇ ਤਰਕਾ ਦੀ,

ਅਸੀ ਕਰਾਮਾਤ ਬਣਾ ਆਏ ਹਾਂ

ਬਾਬਾ ਜੀ ਅਸੀਂ ਤੁਹਾਡਾ ਜਨਮ ਦਿਨ ਮਨਾ ਆਏ ਹਾਂ

ਹੱਕ ਸੱਚ ਦੀ ਕਮਾਈ ਨਾਲ ਭਲਾਂ ਕੀ ਬਣਦਾ,

ਉੱਪਰਲੀ ਵਾਸਤੇ ਅਰਦਾਸ ਕਰਵਾ ਆਏ ਹਾਂ

ਹਾਂ ਦਸਵੰਧ ਓਹਦੇ ਵਿੱਚੋ ਵੀ ਕੱਢਾਗੇ,

ਇਹ ਵੀ ਗੱਲ ਮੁਕਾ ਆਏ ਹਾਂ

ਬਾਬਾ ਜੀ ਅਸੀਂ ਤੁਹਾਡਾ ਜਨਮ ਦਿਨ ਮਨਾ ਆਏ ਹਾਂ

ਚਾਹ ਪਕੌੜੇ ਬਰਫੀ ਅਤੇ

ਲੰਗਰ ਰੱਜ ਕੇ ਖਾ ਆਏ ਹਾਂ

ਲਾਲੋ ਦਾ ਸੀ ਜਾਂ ਭਾਗੋ ਦਾ

ਅਸੀਂ ਤਾਂ ਸਭ ਛਕ ਛਕਾ ਆਏ ਹਾਂ

ਬਾਬਾ ਜੀ ਅਸੀਂ ਤੁਹਾਡਾ ਜਨਮ ਦਿਨ ਮਨਾ ਆਏ ਹਾਂ